ਛੋਟੇ ਸਾਹਿਬਾਜ਼ਾਦਿਆਂ ਦੀ ਸ਼ਹਾਦਤ ਬਨਾਮ ਵੀਰ ਬਾਲ ਦਿਵਸ
Sikh Pakh Podcast
8 minutes 28 seconds
11 months ago
ਛੋਟੇ ਸਾਹਿਬਾਜ਼ਾਦਿਆਂ ਦੀ ਸ਼ਹਾਦਤ ਬਨਾਮ ਵੀਰ ਬਾਲ ਦਿਵਸ
ਦੇਸ ਵਿਚ ਪਿਛਲੇ ਤਿੰਨ ਸਾਲਾਂ ਤੋਂ 26 ਦਸੰਬਰ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਜੇ ਬਾਲ ਦਿਵਸ ਦੇ ਪਿਛੋਕੜ ਵਿਚ ਦੇਖੀਏ ਤਾਂ ਇਹ ਬਚਿਆਂ ਨੂੰ ਸਮਰਪਿਤ ਇਕ ਤਿਉਹਾਰ ਵਿਸ਼ਵ ਦੇ ਲਗਪਗ 88 ਦੇਸ਼ਾਂ ਵਿਚ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦੀ ਪਰੰਪਰਾ, ਰੀਤੀ ਅਤੇ ਇਤਿਹਾਸ ਹਰ ਦੇਸ ਦਾ ਵਖਰਾ ਹੈ। ਸਭ ਤੋਂ ਪਹਿਲਾਂ ਜੂਨ ਮਹੀਨੇ ਦੇ ਦੂਸਰੇ ਐਤਵਾਰ 1857 ਤੋਂ ਯੂਨਾਈਟਡ ਸਟੇਟਸ ਦੇ ਸਟੇਟ ਮੈਸਾਚੁਸੈਟਸ ਦੇ ਸ਼ਹਿਰ ਚੈਲਸੀਆ ਵਿਚ ਬਾਲ ਦਿਵਸ ਮਨਾਉਣਾ ਸ਼ੁਰੂ ਹੋਇਆ ਸੀ। ਇਥੇ ਨਾਮਵਰ ਪਾਦਰੀ ਡਾ. ਚਾਰਲਸ ਲੀਓਨਾਰਡ ਦੁਆਰਾ ਇਹ ਦਿਵਸ ਮਨਾਇਆ ਜਾਣ ਲਗਿਆ ਸੀ, ਜਿਸ ਵਿਚ ਬਚਿਆਂ ਨੂੰ ਸਮਰਪਿਤ ਸੇਵਾ ਦੀ ਭਾਵਨਾ ਦਾ ਅਮਲ ਸੀ। ਭਾਰਤ ਵਿਚ ਪੰਡਤ ਨਹਿਰੂ ਦੀ ਮੌਤ ਤੋਂ ਬਾਅਦ ਉਹਨਾਂ ਦੇ ਜਨਮ ਦਿਨ ’ਤੇ 14 ਨਵੰਬਰ ਨੂੰ ਇਹ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਦਿਵਸ ਨਾਲ ਜੋੜ ਕੇ ਵਿਆਖਿਆਉਣ ਤੇ ਮਨਾਉਣ ਦਾ ਵਰਤਾਰਾ ਵਿਚਾਰ ਦੀ ਮੰਗ ਕਰਦਾ ਹੈ। ਕਿਸੇ ਘਟਨਾ ਜਾਂ ਸਾਕੇ ਨੂੰ ਉਸੇ ਸੰਦਰਭ ਵਿਚ ਵੇਖਣਾ ਤੇ ਅਮਲ ਵਿਚ ਲਿਆਉਣਾ ਸਿਧਾਂਤ ਤੇ ਅਮਲ ਦੀ ਸ਼ੁਧ ਪੇਸਕਾਰੀ ਕਹੀ ਜਾ ਸਕਦੀ ਹੈ। ਕਿਸੇ ਘਟਨਾਂ ਨੂੰ ਕਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਅਤੇ ਕਿਸ ਉਦੇਸ਼ ਲਈ ਪੇਸ਼ ਕੀਤਾ ਜਾ ਰਿਹਾ ਹੈ ? ਹਰ ਘਟਨਾ ਦੇ ਸੰਬੰਧ ਇਹ ਦੋਵੇਂ ਸਵਾਲ ਅਹਿਮ ਹੁੰਦੇ ਹਨ। ਸਭ ਤੋਂ ਪਹਿਲੀ ਗਲ ਇਹ ਹੈ ਕਿ ਵੱਖ ਵੱਖ ਦੇਸਾਂ ਵਿਚ ਬਚਿਆਂ ਵਿਚਲੀ ਕੁਦਰਤੀ ਮਾਸੂਮੀਅਤ ਤੇ ਨਿਰਛਲ ਵਿਵਹਾਰ ਇਸ ਦਿਵਸ ਨੂੰ ਮਨਾਏ ਜਾਣ ਦੀ ਵਜ੍ਹਾ ਹੈ। ਉਹਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਬਾਲ ਦਿਵਸ ਮਨਾਉਣ ਦਾ ਏਜੰਡਾ ਹੁੰਦਾ ਹੈ। ਭਾਰਤ ਵਿਚ ਇਹ ਦਿਵਸ ਸਰਕਾਰਾਂ ਵਲੋਂ ਦਿਤੇ ਜਾਂਦੇ ਬਾਲ ਵਿਕਾਸ ਦੇ ਪ੍ਰੋਗਰਾਮਾਂ ਦਾ ਹੀ ਇਕ ਹਿਸਾ ਹੈ। ਜੇ ਅਸੀਂ ਸੰਖੇਪ ਵਿਚ ਬਾਲ ਦਿਵਸ ਨੂੰ ਵਰਨਣ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਉਤਸਵ ਦੇਸ ਦੀ ਸਰਕਾਰ ਵਲੋਂ ਆਯੋਜਤ ਕੀਤਾ ਜਾਂਦਾ ਹੈ। ਇਸ ਦਾ ਕਿਸੇ ਧਰਮ ਜਾਂ ਮਜ੍ਹਬ ਨਾਲ ਜਾਂ ਕੋਈ ਬ੍ਰਹਿਮੰਡੀ ਸਰੋਕਾਰ ਨਹੀਂ। ਇਸ ਦਿਵਸ ਦਾ ਕੋਈ ਲਾਸਾਨੀ ਜਾਂ ਕੁਰਬਾਨੀ ਵਾਲਾ ਪਿਛੋਕੜ ਨਹੀਂ। ਸਿਰਫ ਮਨੁਖੀ ਵਿਕਾਸ ਵਿਚ ਬਚਪਨ ਦੇ ਪੜਾਅ ਨੂੰ ਬਾਲ ਦਿਵਸ ਵਜੋਂ ਮਨਾਇਆਂ ਜਾਂਦਾ ਹੈ। ਇਸੇ ਤਰ੍ਹਾਂ ਮਾਂ ਦਿਵਸ, ਪਿਤਾ ਦਿਵਸ, ਅਧਿਆਪਕ ਦਿਵਸ ਆਦਿ ਮਨਾਏ ਜਾਂਦੇ ਹਨ। ਭਾਰਤ ਵਿਚ ਇਹ ਕਾਂਗਰਸ ਪਾਰਟੀ ਦੇ ਨੇਤਾ ਪੰਡਤ ਨਹਿਰੂ ਦੀ ਯਾਦ ਨਾਲ ਜੁੜਿਆ ਹੋਇਆ ਹੈ, ਇਸ ਸੰਦਰਭ ਵਿਚ ਵੀ ਦੇਸ ਦੀ ਭਾਜਪਾ ਹਕੂਮਤ ਵਲੋਂ ਵੀਰ ਬਾਲ ਦਿਵਸ ਮਨਾਉਣਾ ਸਮਝ ਵਿਚ ਆਉਂਦਾ ਹੈ।
ਛੋਟੇ ਸਾਹਿਬਜ਼ਾਦਿਆਂ ਦੀ ਅਨੋਖੀ ਸਖਸ਼ੀਅਤ ਅਤੇ ਲਾਸਾਨੀ ਸ਼ਹਾਦਤ ਆਤਮਕ/ਧਾਰਮਿਕ ਸੰਸਕਾਰਾਂ ਅਤੇ ਮੁਹਾਣ ਵਾਲੀ ਹੈ। ਗੁਰੂ ਸਾ ਹਿਬਾਨ ਦੁਆਰਾ ਦਿਤਾ ਦੈਵੀ ਸੰਦੇਸ਼ ਸਮੇਂ ਤੇ ਸਥਾਨ ਦੇ ਬੰਧਨ ਵਿਚ ਨਹੀਂ। ਸੋ ਇਸ ਵਿਚ ਆਤਮਕ ਅਵਸਥਾ ਦਾ ਉਮਰ ਦੇ ਤਕਾਜ਼ੇ ਨਾਲ ਕੋਈ ਵਾਸਤਾ ਨਹੀਂ। ਇਸੇ ਲਈ ਗੁਰਬਾਣੀ ਵਿਚ ਆਤਮਕ ਰੰਗ ਵਿਚ ਰੰਗੇ ਬਚੇ, ਬਜ਼ੁਰਗਾਂ ਸਮਾਨ ਹਨ ਅਤੇ ਨਾਮ ਵਿਹੂਣੇ ਬਜ਼ੁਰਗ, ਬਚਿਆਂ ਸਮਾਨ ਮੰਨੇ ਗਏ ਹਨ। ਛੋਟੇ ਸਾਹਿਬਜ਼ਾਦੇ ਗੁਰੂ ਸਪੁਤਰ ਹਨ। ਉਹਨਾਂ ਦੀ ਆਤਮਕ ਅਮੀਰੀ ਦਾ ਪ੍ਰਮਾਣ ਉਹਨਾਂ ਦੀ ਸ਼ਹਾਦਤ ਅਤੇ ਸ਼ਹਾਦਤ ਦਾ ਸਮੁਚਾ ਵਰਤਾਰਾ ਹੈ। ਅਨੇਕਾਂ ਸ਼ਹਾਦਤਾਂ ਦੇ ਮਾਰਗ ਦਰਸ਼ਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਿਸੇ ਇਕ ਰਾਸ਼ਟਰੀ ਦਿਵਸ ਨਾਲ ਤੁਲਨਾਉਣਾ ਉਹਨਾਂ ਦੀ ਸ਼ਖ਼ਸੀਅਤ ਅਤੇ ਸ਼ਹਾਦਤ ਦੋਹਾਂ ਦੇ ਬਰਾਬਰ ਨਹੀਂ।
ਸਰੀਰਕ ਤੌਰ ’ਤੇ ਛੋਟੀ ਉਮਰ ਦੇ ਬਾਵਜੂਦ ਉਹ ਆਤਮਕ ਸੁਰਤ ਦੇ ਪਧਰ ’ਤੇ ਅਥਾਹ ਜਾਗਰੂਕ ਹਨ। ਇਤਿਹਾਸਕ ਲਿਖਤਾਂ ਵਿਚੋਂ ਇਸ ਵਾਰਤਾਲਾਪ ਦੇ ਮਿਲਦੇ ਉਲੇਖ ਅਨੁਸਾਰ ਛੋਟੇ ਸਾਹਿਬਜ਼ਾਦੇ ਮਾਸੂਮੀਅਤ ਅਵਸਥਾ ਵਿਚ ਵੀ ਸੂਬੇ ਦੀ ਕਚਹਿਰੀ ਵਿਚ ਪਹੁੰਚਣ ਤੋਂ ਲੈ ਕੇ ਅਖੀਰ ਤਕ ਸਰੀਰਕ ਤੇ ਮਾਨਸਕ ਝੁਕਾਵਾਂ ਤੋਂ ਮੁਕੰਮਲ ਮੁਕਤ ਰਹੇ। ਉਹਨਾਂ ਦੇ ਬੋਲਾਂ ਤੇ ਹਾਵ-ਭਾਵਾਂ ਤੋਂ ਉਹਨਾਂ ਦੀ ਦਿਬ ਦ੍ਰਿਸ਼ਟੀ, ਸਹਿਜ ਅਤੇ ਸੂਝ-ਬੂਝ ਦੇ ਦੈਵੀ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ ਜਿਹੜੇ ਗੁਰਬਾਣੀ ਵਿਚ ਗੁਰਮੁਖ ਜਾਂ ਜੀਵਨ ਮੁਕਤ ਮਹਾਂਪੁਰਸ਼ ਦੇ ਦਰਸਾਏ ਗਏ ਹਨ ਅਤੇ ਜਿਹਨਾ ਦੇ ਧਾਰਨੀ ਨੂੰ ਉਚਤਮ ਅਧਿਆਤਮਕ ਅਵਸਥਾ ਦੀ ਪ੍ਰਾਪਤੀ ਲਈ ਕਿਸੇ ਵਿਸ਼ੇਸ਼ ਸਾਧਨਾ ਜਾਂ ਸ਼ਾਸਤਰੀ ਵਿਚਾਰਾਂ (ਪੁੰਨ-ਪਾਪ) ਵਿਚ ਉਲਝਣ ਦੀ ਲੋੜ ਨਹੀਂ। ਉਹਨਾਂ ਦੇ ਕਥਨਾਂ ਵਿਚੋਂ ਜਿਥੇ ਉਹਨਾਂ ਦੀ ‘ਜੀਵਨ ਮੁਕਤ’ ਅਵਸਥਾ ਦਾ ਦਰਸ਼ਨ ਹੁੰਦਾ, ਉਥੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੈਵੀ ਸ਼ਖ਼ਸੀਅਤ ਬਾਰੇ ਉਹਨਾਂ ਦਾ ਅਗੰਮੀ ਅਨੁਭਵ ਪ੍ਰਕਾਸ਼ਮਾਨ ਹੁੰਦਾ ਹੈ। ਸਵੈਮਾਣ, ਅਣਖ, ਬੀਰਤਾ, ਕੁਰਬਾਨੀ, ਪਰਉਪਕਾਰ ਜਿਹੇ ਗੁਣਾਂ ਦੇ ਪ੍ਰੇਰਕ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੀ ਸ਼ਹਾਦਤ ਨੇ ਪੰਜਾਬੀ ਸਭਿਆਚਾਰ ਦੀ ਗਾਇਨ ਪਰੰਪਰਾ ਨੂੰ ਵਡੇ ਪਧਰ ’ਤੇ ਪ੍ਰਭਾਵਿਤ ਕੀਤਾ ਹੈ। ਸਿਖ ਬਚਿਆਂ ਤੇ ਨੌਜਵਾਨ ਪੀੜੀ ਨੂੰ ਧਰਮ ਤੇ ਵਿਰਾਸਤ ਦੇ ਆਤਮਕ ਮੰਡਲ ਵਿਚ ਪਰਪਕ ਰਹਿਣ ਦੇ ਆਸ਼ੇ ਤੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਰਤਾ ਤੋਂ ਉਪਰ ਕੋਈ ਇਤਿਹਾਸਕ ਬਿਰਤਾਂਤ, ਕਥਾ ਨਹੀਂ। ਸਾਲਾਨਾ ਸ਼ਹੀਦੀ ਸਭਾ ’ਤੇ ਹੋਰ ਸਮਾਗਮਾਂ ਨਾਲੋਂ ਜ਼ਿਆਦਾ ਇਕਤਰਤਾ ਹੋਣ ਦਾ ਰਿਕਾਰਡ ਵੀ ਇਹਨਾਂ ਸ਼ਹਾਦਤਾਂ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਦਾ ਸੂਚਕ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਚ ਸਿਖ ਇਤਹਾਸ ਦਾ ਅਜਿਹਾ ਬਿਰਤਾਂਤ ਹੈ ਜਿਹੜਾ ਪੂਰਵ-ਇਤਿਹਾਸਕ ਕਥਾਵਾਂ ਨੂੰ ਵੀ ਮਾਤ ਪਾਉਂਦਾ ਹੈ। ਇਸ ਨੂੰ ਬਿਆਨ ਕਰਨ ਲਈ ਕਿਸੇ ‘ਪੌਰਾਣਿਕ ਕਥਾ’ ਦੇ ਹਵਾਲਿਆਂ ਅਤੇ ਮੁਹਾਵਰੇ ਦੀ ਲੋੜ ਨਹੀਂ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਿਰਤਾਂਤ ਵਿਸ਼ਵ ਇਤਿਹਾਸ ਦੀ ਯਥਾਰਥਕ ‘ਮਹਾਨ ਕਥਾ’ ਹੈ ਨਾ ਕਿ ਕਿਸੇ ਸੀਮਤ ਅਤੇ ਇਕਹਿਰੀ ਮਹਤਤਾ ਵਾਲੇ ਸਰਕਾਰੀ ਦਿਵਸ ਦੀ ਮੁਥਾਜ।
‘ਬਾਲ ਦਿਵਸ’ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ਮਨਾਉਣ ਨਾਲ ਬਾਲ ਦਿਵਸ ਦੀ ਮਹਾਨਤਾ ਤਾਂ ਜ਼ਰੂਰ ਵਧ ਸਕਦੀ ਹੈ ਪਰ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸਖਸ਼ੀਅਤ ਤੇ ਸ਼ਹਾਦਤ ਨੂੰ ਸੀਮਤ ...
Back to Episodes